Tuesday, November 3, 2009

ਪਾਨੀ ਪਾਨੀ ਰੇ...

ਸਾਲ 1996 ਦੇ ਅਕਤੂਬਰ ਮਹੀਨੇ ਦਾ ਆਖਰੀ ਸ਼ੁੱਕਰਵਾਰ ਸੀ ਜਦ ਹਰ ਆਮ ਹਿੰਦੀ ਫਿਲਮ ਵਾਂਗ ਹੀ 'ਮਾਚਿਸ' ਰਿਲੀਜ਼ ਹੋਈ। ਗੁਲਜ਼ਾਰ ਸਾਹਿਬ ਦੀ ਲਿਖੀ ਕਹਾਣੀ ਵਿੱਚੋਂ ਜ਼ਿਆਦਾਤਰ ਪੰਜਾਬੀਆਂ ਨੂੰ ਓਹ ਕੁਛ ਦੇਖਣ ਨੂੰ ਮਿਲਿਆ ਜੋ ਕੁਛ ਓਹਨਾਂ ਨੇ ਲਗਭਗ ਇੱਕ ਦਹਾਕਾ ਆਪਣੇ ਅੱਖੀਂ ਵੇਖਿਆ ਸੀ। ਕਹਾਣੀ ਵਿਚਲੇ ਪਾਤਰ 'ਪਾਲੀ' ਵਾਂਗ ਕਿੰਨੇ ਹੀ ਅਜਿਹੇ ਨੌਜਵਾਨ ਸਨ ਜੋ ਕਹਿਰ ਦੀ ਹਨੇਰੀ ਦਾ ਸ਼ਿਕਾਰ ਹੋਏ।
ਇਸੇ ਜ਼ਾਲਿਮ ਹਨੇਰੀ ਦਾ ਸ਼ਿਕਾਰ ਹੋ ਗਏ ਕਿਸੇ ਦਿਲ ਦੀ ਹੂਕ ਵਰਗਾ ਹੈ 'ਮਾਚਿਸ' ਫਿਲਮ ਦਾ ਇਹ ਗੀਤ...

Friday, October 30, 2009

ਜੋ ਹਾਰਾਂ ਕਬੂਲੇ ਨਾ...

ਜਿੱਤ ਅਤੇ ਹਾਰ,
ਇਹ ਜ਼ਿੰਦਗੀ ਦੇ ਸਿੱਕੇ ਦੇ ਓਹ ਪਹਿਲੂ ਨੇ ਜੋ ਬਦਲ ਬਦਲ ਕੇ ਹਮੇਸ਼ਾ ਆਪਣਾ ਰੂਪ ਦਿਖਾਉਂਦੇ ਰਹਿੰਦੇ ਨੇ।
'ਤੇ ਕਈ ਵਾਰ ਇੰਝ ਹੁੰਦੈ ਕਿ ਲਗਾਤਾਰ ਬਹੁਤ ਸਾਰੀਆਂ ਜਿੱਤਾਂ ਤੋਂ ਬਾਅਦ ਅਸੀਂ ਹਾਰ ਨੂੰ ਕਬੂਲਣਾ ਭੁੱਲ ਜਾਂਦੇ ਹਾਂ।
ਇਸੇ ਹਾਰ ਦੀ ਅਹਿਮੀਅਤ ਬਿਆਨ ਕਰ ਰਹੇ ਨੇ ਜਨਾਬ ਸਤਿੰਦਰ ਸਰਤਾਜ...
ਆਓ ਸੁਣਦੇ ਹਾਂ...



ਬੋਲ ਕੁਛ ਇਸ ਤਰ੍ਹਾਂ ਨੇ...
-----------------------------------------
ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ 'ਤੇ ਲਗਾ ਕੇ ਦੁਚਿੱਤੀ 'ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।

ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ,
ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ,
ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ,
ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ।

ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ,
ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ,
ਤੇ ਹੰਕਾਰ ਨੂੰ ਮਾਰਨਾ ਏ ਜ਼ਰੂਰੀ,
ਜੀ ਫਿਰ ਹਾਰਨਾ ਵਾਰੀ ਵਾਰੀ ਨੀ ਹੋਣਾ।

ਜੋ ਹਵਨਾਂ ਦੀ ਅਗਨੀ ਨੂੰ ਅੱਗ ਵਾਂਗ ਸੇਕੇ,
ਜੋ ਮੱਥੇ ਟਿਕਾਵੇ ਮਗਰ ਖੁਦ ਨਾ ਟੇਕੇ,
ਜੋ ਸੁਬਹਾ ਨੂੰ ਮੰਦਿਰ 'ਤੇ ਸ਼ਾਮਾਂ ਨੂੰ ਠੇਕੇ,
ਓਹ ਭੇਖੀ ਹੋਏਗਾ ਪੁਜਾਰੀ ਨੀ ਹੋਣਾ।

ਜੋ ਦਰ 'ਤੇ ਖਲੋਵੇ ਮਗਰ ਕੁਛ ਨਾ ਮੰਗੇ,
ਤੁਸੀਂ ਮਾੜਾ ਬੋਲੋਂ ਕਹੇ ਥੋਨੂੰ ਚੰਗੇ,
ਓਹ ਹੋਣੇ ਨੇ ਫ਼ੱਕਰ ਫ਼ਕੀਰੀ 'ਚ ਰੰਗੇ,
ਜੀ ਗਹੁ ਨਾਲ਼ ਤੱਕਿਉ ਭਿਖਾਰੀ ਨੀ ਹੋਣਾ।

ਜਿੰਨ੍ਹਾ ਡੋਰ ਮੁਰਸ਼ਦ ਦੇ ਹੱਥਾਂ 'ਚ ਦਿੱਤੇ,
ਜੋ ਮਿਹਨਤ ਨੂੰ ਹੀ ਸਮਝਦੇ ਨੇ ਜੀ ਕਿੱਤੇ,
ਓਹ ਸਰਤਾਜ ਹਾਰਨ ਦੇ ਪਿੱਛੋਂ ਵੀ ਜਿੱਤੇ,
ਕੋਈ ਫਤਵਾ ਓਹਨਾਂ 'ਤੇ ਜਾਰੀ ਨੀ ਹੋਣਾ।

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ 'ਤੇ ਲਗਾ ਕੇ ਦੁਚਿੱਤੀ 'ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।
-----------------------------------------

Thursday, September 3, 2009

ਮੈਂ ਤੈਨੂੰ ਫੇਰ ਮਿਲਾਂਗੀ...

ਅੰਮ੍ਰਿਤਾ ਪ੍ਰੀਤਮ ਜੀ ਜੋ ਕੁਝ ਅਰਸਾ ਪਹਿਲਾਂ (31 October 2005 ਨੂੰ) ਜ਼ਿੰਦਗੀ ਦਾ ਸਫਰ ਮੁਕਾਅ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਨੇ, ਓਹਨਾਂ ਦੀ ਇੱਕ ਖੂਬਸੂਰਤ ਨਜ਼ਮ ਨੂੰ ਆਵਾਜ਼ ਦਿੱਤੀ ਹੈ ਉਰਦੂ ਦੇ ਮਸ਼ਹੂਰ ਸ਼ਾਇਰ ਗੁਲਜ਼ਾਰ ਜੀ ਨੇ...

ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ...

ਸੁਰਜੀਤ ਪਾਤਰ ਸਾਹਿਬ ਦੀ ਇੱਕ ਸੰਵੇਦਨਸ਼ੀਲ ਰਚਨਾ ਅਤੇ ਉਸ ਰਚਨਾ ਦੇ ਪਿਛਲੀ ਕਹਾਣੀ...
ਬਿਆਨ ਕਰ ਰਹੇ ਨੇ ਖੁਦ ਪਾਤਰ ਸਾਹਿਬ, ਸਮਾਂ ਹੈ ਅਪ੍ਰੈਲ 2008 ਦੀ ਇੱਕ ਸ਼ਾਮ ਅਤੇ ਮੌਕਾ ਹੈ ਅਨਾਦ ਫਾਊਂਡੇਸ਼ਨ ਨਵੀਂ ਦਿੱਲੀ ਦਾ ਇੱਕ ਖਾਸ ਸਮਾਰੋਹ...


ਗਜ਼ਲ ਦੇ ਬੋਲ ਕੁਛ ਇਸ ਤਰ੍ਹਾਂ ਹਨ :
---------------------------------
ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ,
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ।

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ,
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ,
ਆਖੋ ਏਨਾਂ ਨੂੰ ਉਜੜੇ ਘਰੀਂ ਜਾਣ ਹੁਣ,
ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ।

ਯਾਰ ਮੇਰੇ ਜੋ ਇਸ ਆਸ ਤੇ ਮਰ ਗਏ,
ਕਿ ਮੈਂ ਉੱਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ,
ਜੇ ਮੈਂ ਚੁਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ,
ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ।

ਜੋ ਬਦੇਸ਼ਾਂ ‘ਚ ਰੁਲ਼ਦੇ ਨੇ ਰੋਜ਼ੀ ਲਈ,
ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ,
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ,
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।

ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ,
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ,
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ,
ਰਾਜ ਬਦਲਣੇ ਸੂਰਜ ਚੜਣ ਲਹਿਣਗੇ।

ਇਹ ਰੰਗਾਂ ‘ਚ ਚਿਤਰੇ ਨੇ ਖੁਰ ਜਾਣਗੇ,
ਇਹ ਜੋ ਮਰਮਰ ‘ਚ ਉਕਰੇ ਨੇ ਮਿਟ ਜਾਣਗੇ,
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ,
ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ।

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ,
ਕੋਈ ਦੀਵਾ ਜਗੇਗਾ ਮੇਰੀ ਕਬਰ ਤੇ,
ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ,
ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ...
---------------------------------

Saturday, August 29, 2009

ਨੰਦ ਕਿਸ਼ੋਰ...

ਪਾਤਰ ਸਾਹਿਬ ਦੀ ਇੱਕ ਅਨਮੋਲ ਨਜ਼ਮ ਪੇਸ਼-ਏ-ਖ਼ਿਦਮਤ ਹੈ ਜੀ। ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ੇ ਨੂੰ ਜਿਸ ਖੂਬਸੂਰਤੀ ਦੇ ਨਾਲ਼ ਪਾਤਰ ਸਾਹਿਬ ਨੇ ਛੋਹਿਆ ਹੈ ਉਸਦੀ ਤਾਰੀਫ ਕਰਨੀ ਬਣਦੀ ਹੈ...

Wednesday, August 26, 2009

ਇੱਕ ਮੁਲਾਕਾਤ...

ਇੱਕ ਮੁਲਾਕਾਤ ਪੰਜਾਬੀ ਸਾਹਿਤ ਅਤੇ ਗਾਇਕੀ ਨੂੰ ਸਮਰਪਿਤ ਜਨਾਬ ਸਤਿੰਦਰ ਸਰਤਾਜ ਨਾਲ਼...
ਮੁਲਾਕਾਤ ਕਰਨ ਵਾਲ਼ੇ ਨੇ ਰਾਜਵਿੰਦਰ ਜੀ
(ਗੁਲਦਸਤਾ ਟੀਵੀ ਤੋਂ ਧੰਨਵਾਦ ਸਹਿਤ)

Monday, July 20, 2009

ਪੱਥਰ ਕਲਾ - Stone Art




ਚੰਡੀਗੜ੍ਹ ਵਿੱਚ ਘੁੰਮਦਿਆਂ ਇੱਕ ਦਿਨ ਇਹ ਖਾਸ ਜਿਹਾ ਪੱਥਰ ਦਿਖਾਈ ਦਿੱਤਾ। ਪਹਿਲੀ ਨਜ਼ਰੇ ਪੱਥਰ ਲੱਗਣ ਵਾਲ਼ੀ ਇਸ ਚੀਜ਼ ਨੂੰ ਧਿਆਨ ਨਾਲ਼ ਵੇਖਿਆ ਤਾਂ ਇਨਸਾਨੀ ਚਿਹਰੇ ਦਿਖਾਈ ਦੇਣ ਲੱਗੇ।
ਕੋਲ਼ ਖੜ੍ਹੇ ਸ਼ਖਸ ਨੂੰ ਆਖਿਰ ਮੈਂ ਪੁੱਛ ਹੀ ਲਿਆ "ਭਾਜੀ.. ਇਹ ਕੀਹਨੇ ਬਣਾਈ ਏ?"
ਜਵਾਬ ਮਿਲ਼ਿਆ "ਆਪਣੀ ਹੀ ਹੈ ਜਨਾਬ"।
ਮੈ ਪੁਛਿਆ "ਤੁਸੀਂ ਕੀ ਕਰਦੇ ਹੋ?"
ਆਖਣ ਲੱਗਾ "ਪੜ੍ਹਦਾ ਹਾਂ ਜੀ। ਸੈਕਟਰ 10 ਦੇ ਆਰਟ ਕਾਲਜ..." ਨਾਲ਼ ਹੀ ਸਵਾਲ ਆਇਆ "ਤੁਸੀਂ ਵੀ ਇੱਥੇ ਕੰਪੀਟੀਸ਼ਨ ਵਿੱਚ ਆਏ ਹੋ?"
ਇਸ ਤੋਂ ਪਹਿਲਾਂ ਕਿ ਓਹ ਕੁਛ ਹੋਰ ਸੋਚਦਾ, ਮੈਂ ਕਿਹਾ "ਮੈਂ ਤਾਂ ਬੱਸ ਲੰਘ ਰਿਹਾ ਸੀ ਇੱਥੋਂ.. ਇਹ ਕਲਾ ਚੰਗੀ ਲੱਗੀ.. ਸੋ ਰੁਕ ਗਿਆ.."
ਓਹਦੀ ਦਿੱਖ ਓਨੀ ਹੀ ਸਿੱਧੀ ਸਾਦੀ ਸੀ ਜਿੰਨੀ ਓਹਦੀ ਕਲਾ ਉਮਦਾ ਸੀ। ਮੈਂ ਪੁਛਿਆ "ਇੱਕ ਫੋਟੋ ਲੈ ਲਵਾਂ?"
"ਹਾਂ ਜੀ ਹਾਂ ਜੀ ਜ਼ਰੂਰ" ਓਹਨੇ ਆਖਿਆ "ਇੱਧਰੋਂ ਲੈ ਲਵੋ.. ਚੰਗੀ ਆਵੇਗੀ"
ਓਹਦੀ ਕਲਾ ਨੂੰ ਕੈਮਰੇ ਵਿੱਚ ਸਮੋ ਕੇ ਓਹਦਾ ਧੰਨਵਾਦ ਕਰਨਾ ਚਾਹੁੰਦਾ ਸਾਂ.. ਪਰ ਓਹ ਸ਼ਾਇਦ ਫੋਨ ਕਰ ਰਿਹਾ ਸੀ ਕਿਸੇ ਨੂੰ।
ਆਉਂਦੇ ਆਉਂਦੇ ਮੈਂ ਕਿਹਾ "ਬਹੁਤ ਵਧੀਆ ਯਾਰ..."
ਪਰ ਜੋ ਅਸਲ ਵਿੱਚ ਕਹਿਣਾ ਚਾਹੁੰਦਾ ਸਾਂ ਓਹ ਵਾਰ ਵਾਰ ਮਨ ਵਿੱਚ ਘੁੰਮ ਰਿਹਾ ਸੀ, "ਵਾਹ ਓ ਕਲਾਕਾਰਾ.. ਤੇਰੀ ਕਲਾ ਨੂੰ ਸਲਾਮ... ਕੌਣ ਕਹਿੰਦੈ ਕਿ ਪੱਥਰਾਂ ਵਿੱਚ ਸੁਹਜ ਨਹੀਂ ਹੁੰਦਾ ! "