Monday, July 20, 2009

ਪੱਥਰ ਕਲਾ - Stone Art




ਚੰਡੀਗੜ੍ਹ ਵਿੱਚ ਘੁੰਮਦਿਆਂ ਇੱਕ ਦਿਨ ਇਹ ਖਾਸ ਜਿਹਾ ਪੱਥਰ ਦਿਖਾਈ ਦਿੱਤਾ। ਪਹਿਲੀ ਨਜ਼ਰੇ ਪੱਥਰ ਲੱਗਣ ਵਾਲ਼ੀ ਇਸ ਚੀਜ਼ ਨੂੰ ਧਿਆਨ ਨਾਲ਼ ਵੇਖਿਆ ਤਾਂ ਇਨਸਾਨੀ ਚਿਹਰੇ ਦਿਖਾਈ ਦੇਣ ਲੱਗੇ।
ਕੋਲ਼ ਖੜ੍ਹੇ ਸ਼ਖਸ ਨੂੰ ਆਖਿਰ ਮੈਂ ਪੁੱਛ ਹੀ ਲਿਆ "ਭਾਜੀ.. ਇਹ ਕੀਹਨੇ ਬਣਾਈ ਏ?"
ਜਵਾਬ ਮਿਲ਼ਿਆ "ਆਪਣੀ ਹੀ ਹੈ ਜਨਾਬ"।
ਮੈ ਪੁਛਿਆ "ਤੁਸੀਂ ਕੀ ਕਰਦੇ ਹੋ?"
ਆਖਣ ਲੱਗਾ "ਪੜ੍ਹਦਾ ਹਾਂ ਜੀ। ਸੈਕਟਰ 10 ਦੇ ਆਰਟ ਕਾਲਜ..." ਨਾਲ਼ ਹੀ ਸਵਾਲ ਆਇਆ "ਤੁਸੀਂ ਵੀ ਇੱਥੇ ਕੰਪੀਟੀਸ਼ਨ ਵਿੱਚ ਆਏ ਹੋ?"
ਇਸ ਤੋਂ ਪਹਿਲਾਂ ਕਿ ਓਹ ਕੁਛ ਹੋਰ ਸੋਚਦਾ, ਮੈਂ ਕਿਹਾ "ਮੈਂ ਤਾਂ ਬੱਸ ਲੰਘ ਰਿਹਾ ਸੀ ਇੱਥੋਂ.. ਇਹ ਕਲਾ ਚੰਗੀ ਲੱਗੀ.. ਸੋ ਰੁਕ ਗਿਆ.."
ਓਹਦੀ ਦਿੱਖ ਓਨੀ ਹੀ ਸਿੱਧੀ ਸਾਦੀ ਸੀ ਜਿੰਨੀ ਓਹਦੀ ਕਲਾ ਉਮਦਾ ਸੀ। ਮੈਂ ਪੁਛਿਆ "ਇੱਕ ਫੋਟੋ ਲੈ ਲਵਾਂ?"
"ਹਾਂ ਜੀ ਹਾਂ ਜੀ ਜ਼ਰੂਰ" ਓਹਨੇ ਆਖਿਆ "ਇੱਧਰੋਂ ਲੈ ਲਵੋ.. ਚੰਗੀ ਆਵੇਗੀ"
ਓਹਦੀ ਕਲਾ ਨੂੰ ਕੈਮਰੇ ਵਿੱਚ ਸਮੋ ਕੇ ਓਹਦਾ ਧੰਨਵਾਦ ਕਰਨਾ ਚਾਹੁੰਦਾ ਸਾਂ.. ਪਰ ਓਹ ਸ਼ਾਇਦ ਫੋਨ ਕਰ ਰਿਹਾ ਸੀ ਕਿਸੇ ਨੂੰ।
ਆਉਂਦੇ ਆਉਂਦੇ ਮੈਂ ਕਿਹਾ "ਬਹੁਤ ਵਧੀਆ ਯਾਰ..."
ਪਰ ਜੋ ਅਸਲ ਵਿੱਚ ਕਹਿਣਾ ਚਾਹੁੰਦਾ ਸਾਂ ਓਹ ਵਾਰ ਵਾਰ ਮਨ ਵਿੱਚ ਘੁੰਮ ਰਿਹਾ ਸੀ, "ਵਾਹ ਓ ਕਲਾਕਾਰਾ.. ਤੇਰੀ ਕਲਾ ਨੂੰ ਸਲਾਮ... ਕੌਣ ਕਹਿੰਦੈ ਕਿ ਪੱਥਰਾਂ ਵਿੱਚ ਸੁਹਜ ਨਹੀਂ ਹੁੰਦਾ ! "